ਗਾਂਧੀ ਜੀ ਦਾ ਚਸ਼ਮਾ
ਗੁਰਦੀਪ ਸਿੰਘ ਭਮਰਾ
ਗਾਂਧੀ ਜੀ ਦਾ ਚਸ਼ਮਾ (ਐਨਕਾਂ) ਚੋਰੀ ਹੋ ਗਿਆ ਹੈ। ਇਹ ਗਾਂਧੀ ਜੀ ਦੀਆਂ ਸਿਮਰਤੀਆਂ ਨਾਲ ਜੁੜੇ ਇੱਕ ਸੇਵਾ-ਆਸ਼ਰਮ ਵਿੱਚ ਪਿਛਲੇ 70 ਸਾਲਾਂ ਤੋਂ ਦਿਖਾਵੇ ਦੇ ਤੌਰ ਤੇ ਰੱਖਿਆ ਹੋਇਆ ਸੀ। ਗਾਂਧੀ ਜੀ ਦੀ ਹਰ ਤਸਵਿਰ ਵਿੱਚ ਉਹਨਾਂ ਦੀ ਸ਼ਖਸੀਅਤ ਦੀ ਪਛਾਣ ਹੈ ਇਹ ਚਸ਼ਮਾ, ਤੇ ਸ਼ਾਇਦ ਇਸ ਵਾਸਤੇ ਵੀ ਖਾਸ ਹੋ ਸਕਦਾ ਹੈ ਕਿਉਂ ਕਿ ਗਾਂਧੀ ਜੀ ਨੇ ਸਾਰੀ ਉਮਰ ਸਾਰੀ ਦੁਨੀਆਂ ਨੂੰ ਇਸੇ ਚਸ਼ਮੇ ਥਾਂਣੀ ਬਦਲਦਿਆਂ ਦੇਖਿਆ। ਇਸੇ ਰਾਹੀ ਦੇਖੀ ਤੇ ਪਰਖੀ ਹੋਈ ਦੁਨੀਆਂ ਦੇ ਅਨੁਭਵਾਂ ਦੇ ਅਧਾਰ ਉਪਰ ਉਹ ਆਪਣਾ ਇਕ ਨਜ਼ਰੀਆ ਕਾਇਮ ਕੀਤਾ। ਅਕਸਰ ਕਿਹਾ ਜਾਂਦਾ ਹੈ ਕਿ ਇਸ ਦੁਨਿਆ ਬਾਰੇ ਗਾਂਧੀ ਜੀ ਦਾ ਨਜ਼ਰੀਆ ਕੀ ਹੋ ਸਕਦਾ ਹੈ? ਸ਼ਾਇਦ ਇਸੇ ਪ੍ਰਸ਼ਨ ਦਾ ਉੱਤਰ ਲੱਭਣ ਲਈ ਕਿਸੇ ਮਨਚਲੇ ਨੇ ਉਹਨਾਂ ਦਾ ਉਹ ਚਸ਼ਮਾਂ ਚੁੱਕ ਲਿਆ ਹੋਵੇਗਾ, ਕਿ ਦੇਖੀਏ ਆਖਰ ਗਾਂਧੀ ਜੀ ਦਾ ਨਜ਼ਰੀਆ ਕੀ ਸੀ।
ਪਿਛਲੇ ਸੱ ਤਰ ਸਾਲ ਤੋਂ ਇਹ ਚਸ਼ਮਾਂ ਉੱਥੇ ਗਾਂਧੀ ਜੀ ਦੀਆਂ ਬਾਕੀ ਚੀਜ਼ਾਂ ਨਾਲ ਇਹ ਰਖਿਆ ਹੋਇਆ ਸੀ। ਸ਼ਾਇਦ ਪਿਛਲੇ ਸੱਤਰ ਸਾਲ ਇਸ ਦੀ ਕਿਸੇ ਨੂੰ ਲੋੜ ਨਹੀਂ ਸੀ ਪਈ। ਪਰ ਜਦੋਂ ਤੋਂ ਲੋਕ ਪਾਲ ਕਾਨੂੰਨ ਨੂੰ ਲੈ ਕੇ ਬਾਬਾ ਅੰਨਾ ਹਾਜ਼ਾਰੇ ਨੇ ਮੁਹਿੰਮ ਖੜੀ ਕੀਤੀ ਹੈ, ਲੋਕਾਂ ਨੂੰ ਉਸ ਦੀ ਸਾਦਗੀ ਤੇ ਸਮਰਪਣ ਚੋਂ ਗਾਂਧੀ ਨਜ਼ਰ ਆਇਆ ਹੈ ਤੇ ਉਹ ਅੱਜ ਦੇ ਨਵੇਂ ਗਾਂਧੀ ਦੇ ਮਗ਼ਰ ਹੋ ਤੁਰੇ ਹਨ। ਸਰਕਾਰ ਨੂੰ ਇਹ ਸੱਭ ਬੜਾ ਨਾਖੁਸ਼ਗਵਾਰ ਲਗਿਆ ਹੈ ਤੇ ਉਹਨਾਂ ਘਬਰਾਹਟ ਵਿੱਚ ਉਸ ਗਾਂਧੀ ਨੂੰ ਤੇ ਉਸ ਦੇ ਤਰੀਕੇ ਨੂੰ ਵੀ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਜਾਪਦਾ ਹੈ ਜਿਵੇਂ ਕੋਈ ਆਪਣੇ ਪਿਓ ਨੂੰ ਬੇਦਖਲ ਕਰ ਦੇਵੇ, ਉਸ ਨੂੰ ਉਸ ਦੇ ਤਰੀਕੇ ਚੋਂ ਮੁਸ਼ਕ ਆਵੇ। ਅਜਿਹਾ ਕਹਿਣ ਵਾਲੇ ਬਹੁਤੇ ਲੋਕ ਅਜਿਹੇ ਹਨ ਜਿਹਨਾਂ ਦਾ ਕਦੇ ਗਾਂਧੀਵਾਦ ਨਾਲ ਵਾਹ ਵਾਸਤ ਵੀ ਨਹੀਂ ਸੀ ਰਿਹਾ। ਉਹਨਾਂ ਨੂੰ ਅੰਨਾ ਹਜ਼ਾਰੇ ਇਕ ਗੈਰ ਸੰਵਿਧਾਨਕ ਵਿਅਕਤੀ ਜਾਪਦਾ ਹੈ। ਇਸ ਨਾਲ ਹੀ ਇੱਕ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਕਿ ਜੇ ਅੰਨਾ ਹਾਜ਼ਾਰੇ ਗੈਰ ਸਵਿੰਧਾਨਕ ਹੈ ਤਾਂ ਕੀ ਗਾਂਧੀ ਜਿਸ ਨੂੰ ਰਾਸ਼ਟਰ ਪਿਤਾ ਆਖਦੇ ਹੋ ਉਹ ਸਵਿੰਧਾਨ ਚੋਂ ਨਿਕਲ ਕੇ ਆਇਆ ਸੀ ਜਾਂ ਭਾਰਤ ਦੇ ਲੋਕਾਂ ਨੇ ਉਸ ਨੂੰ ਵੋਟਾਂ ਪਾ ਕੇ ਚੁਣਿਆ ਸੀ। ਕੋਈ ਪੁੱਛੇ, ਸੰਵਿਧਾਨ ਮੁਤਾਬਕ ਤਾਂ ਅਸੀਂ ਇਸੇ ਸਰਕਾਰ ਨੂੰ ਵੋਟਾਂ ਪਾਈਆਂ ਸਨ, ਉਹਨਾਂ ਦੀ ਸੱਭ ਤੋਂ ਉੱਚੀ ਕੁਰਸੀ ਸੱਭ ਤੋਂ ਈਮਾਨਦਾਰ ਸਮਝੇ ਜਾਂਦੇ ਸਿਆਣੇ ਸੂਝਵਾਨ ਵਿਅਕਤੀ ਨੂੰ ਦਿੱਤੀ ਸੀ ਪਰ ਇਸ ਸਰਕਾਰ ਨੇ ਤਾਂ ਹੱਦਾਂ ਪਾਰ ਕਰ ਦਿਤੀਆਂ ਹਨ ਭ੍ਰਿਸ਼ਟਾਚਾਰ ਵਾਲੀਆਂ। ਜਿੰਨੇ ਸਕੈਂਡਲ ਤੇ ਘੋਟਾਲੇ ਇਸ ਸਰਕਾਰ ਦੇ ਰਾਜ ਚੋਂ ਨਿਕਲ ਕੇ ਆਏ ਹਨ ਉਹ ਹੈਰਾਨ ਕਰ ਦੇਣ ਵਾਲੇ ਹਨ। ਇਕ ਲੰਬੀ ਸੁਚੀ ਬਣ ਜਾਂਦੀ ਹੈ। ਦੇਸ਼ ਨੂੰ ਨੀਲਾਮ ਕਰ ਦਿੱਤਾ ਹੈ ਤੇ ਵੰਡ ਵੰਡਾ ਕੇ ਘਰ ਲੈ ਗਏ ਹੋ, ਪਰ ਹੁਣ ਜਦੋਂ ਲੋਕਾਂ ਨੂੰ ਤੁਹਾਡੇ ਉਪਰ ਵਿਸਵਾਸ ਨਹੀਂ ਰਿਹਾ ਤਾਂ ਹੀ ਜਨਤਾ ਚੋਂ ਇੱਕ ਅਵਾਜ਼ ਉੱਠੀ ਹੈ ਤੇ ਤੁਸੀਂ ਆਪਣੇ ਆਪ ਨੂੰ ਸੰਵਿਧਾਨਕ ਆਖਦੇ ਹੋਂ। ਖੈਰ ਗੱਲ ਗਾਂਧੀ ਜੀ ਦੇ ਚਸ਼ਮੇ ਦੀ ਹੋ ਰਹੀ ਹੈ। ਚਸ਼ਮਾ ਨਜ਼ਰ ਦਾ ਹੈ ਤੇ ਨਜ਼ਰ ਤੋਂ ਹੀ ਨਜ਼ਰੀਆ ਬਣਦਾ ਹੈ।
ਅਚਾਨਕ ਇਸ ਦੀ ਲੋੜ ਪੈ ਗਈ ਹੈ ਸੱਭ ਨੂੰ, ਕੀ ਕਾਂਗਰਸ, ਕੀ ਭਾਰਤੀ ਜਨਤਾ ਪਾਰਟੀ, ਜਿਸ ਉਪਰ ਰਾਸ਼ਟਰ ਪਿਤਾ ਦੇ ਕਤਲ ਦੇ ਸਿਧੇ ਇਲਜ਼ਾਮ ਲੱਗੇ, ਜਿਹਨਾਂ ਦਾ ਵੀਰ ਸਾਵਰਕਰ ਜੋ ਗਾਂਧੀ ਜੀ ਦੇ ਕਾਤਲ ਨੱਥੂ ਰਾਮ ਗੋਡਸੇ ਦਾ ਰਾਜਨੀਤਕ ਗੁਰੂ ਸੀ, ਸੱਭ ਨੂੰ ਲੱਗਿਆ ਹੈ ਕਿ ਹੁਣ ਗਾਂਧੀ ਜੀ ਦੀ ਲੋੜ ਪੈ ਗਈ ਹੈ। ਗਾਂਧੀ ਜੀ ਦੀ ਸਮਾਧੀ ਉਪਰ ਧਰਨੇ ਲਾਏ ਜਾਂਦੇ ਹਨ। ਇਹ ਸੱਭ ਦਿਖਾਵਾ ਹੀ ਹੈ ਇਸ ਤੋਂ ਵੱਧ ਕੁਝ ਨਹੀਂ। ਸੋਨੀਆ ਗਾਂਧੀ ਦੀ ਕਾਂਗਰਸ ਹੁਣ ਦੇਸ਼ ਦੀ ਪਹਿਰੇਦਾਰ ਬਣ ਕੇ ਖੜੀ ਹੋ ਗਈ ਹੈ ਤੇ ਇਹ ਪਹਿਰੇਦਾਰ ਤੋਂ ਜ਼ਿਆਦਾ ਠੇਕੇਦਾਰ ਜਾਪਦੀ ਹੈ ਜੋ ਸਾਰੇ ਦੇਸ਼ ਨੂੰ ਆਪਣੀ ਨਿੱਜੀ ਜਾਇਦਾਦ ਮੰਨ ਬੈਠੀ ਹੈ। ਜਿਸ ਨੂੰ ਚਾਹੇ ਉਹ ਦੌਲਤ ਦੇ ਅੰਬਾਰ ਲੁਟਾ ਦੇਵੇ। ਜਿਸ ਕੀ ਲਾਠੀ ਉਸ ਦੀ ਭੈਂਸ ਵਾਲੀ ਗੱਲ ਹੋ ਗਈ ਹੈ ਤੇ ਅੱਜ ਕੱਲ੍ਹ ਇਹ ਲਾਠੀ ਜੋ ਕਦੇ ਗਾਂਧੀ ਜੀ ਦੇ ਹੱਥ ਵਿੱਚ ਨਜ਼ਰ ਆਉਂਦੀ ਸੀ, ਹੁਣ ਕਾਂਗਰਸ ਦੇ ਹੱਥ ਵਿੱਚ ਹੈ ਤੇ ਹਰ ਜਾਇਜ਼ ਨਜਾਇਜ਼ ਆਵਾਜ਼ ਦਬਾਉਣ ਲਈ ਤੇ ਬੇਸਮਝ ਲੋਕਾਂ ਨੂੰ ਹੱਕਣ ਦੇ ਕੰਮ ਲਈ ਜਾਂਦੀ ਹੈ। ਜੇ ਗਾਂਧੀ ਜੀ ਦਾ ਇਹ ਚਸ਼ਮਾਂ ਸੋਨੀਆ ਗਾਂਧੀ ਨੂੰ ਦਿੱਤਾ ਜਾਵੇ ਕਿ ਦੇਖੋ ਇਸ ਥਾਣੀ ਦੁਨਿਆ ਕਿਹੋ ਜਿਹੀ ਨਜ਼ਰ ਆਉਂਦੀ ਹੈ ਤਾਂ ਨਿਸ਼ਚੇ ਹੀ ਸੋਨੀਆ ਦਾ ਜਵਾਬ ਹੋਵੇਗਾ ਕਿ ਮੈਨੂੰ ਤਾਂ ਇਸ ਚੋਂ ਦੁਨੀਆ ਬੜੀ ਧੁੰਦਲੀ ਧੁੰਦਲੀ ਨਜ਼ਰ ਆਉਂਦੀ ਹੈ। ਰਾਹੁਲ ਗਾਂਧੀ ਕਹੇਗਾ ਕਿ ਇਹ ਮੈਨੂੰ ਦੇ ਦਿਓ ਇਸ ਨਾਲ ਮੈਂ ਉਤਰ ਪ੍ਰਦੇਸ਼ ਨੂੰ ਦੇਖਣਾ ਚਾਹੰਦਾ ਹਾਂ। ਤੇ ਉਹ ਵੀ ਇਸ ਨੂੰ ਭੱਟਾ ਪਰਸੋਲ ਤੱਕ ਹੀ ਦੇਖਣਾ ਚਾਹੁੰਦਾ ਹੈ। ਗਾਂਧੀ ਜੀ ਨੇ ਇਸੇ ਚਸ਼ਮੇਂ ਥਾਣੀ ਛੂਤ ਛਾਤ ਤੱਕਿਆ, ਹਿੰਦੁਸਤਾਨ ਦੀ ਕਿਰਸਾਣੀ ਮਰ ਰਹੀ ਦੇਖੀ ਤੇ ਕਿਰਤੀ ਦਮ ਤੋੜਦਾ ਦੇਖਿਆ।
ਮਨਮੋਹਨ ਸਿੰਘ ਜੀ ਦਾ ਜਵਾਬ ਇਸ ਚਸ਼ਮੇਂ ਬਾਰੇ ਬੜਾ ਲਾਜਵਾਬ ਹੋਵੇਗਾ। ‘ਅਖੇ ਅਭੀ ਤੋਂ ਮੇਰੇ ਪਾਸ ਵਕਤ ਨਹੀਂ ਹੈ, ਬਹੁਤ ਸਾਰਿਆਂ ਮੀਟਿੰਗਜ਼ ਹੈ, ਸੋਨੀਆ ਜੀ ਕੇ ਸਾਥ, ਅੰਬਾਨੀ ਜੀ ਕੇ ਸਾਥ, ਕਨੀਮੋਈ ਕਾ ਅਭੀ ਮਸਲਾ ਹੈ, ਰਤਨ ਜੀ ਕੋ ਟਾਈਮ ਦੇ ਰੱਖਾ ਹੈ, ਤੇਲ ਕੇ ਦਾਮ ਵਾਲੀ ਮੀਟਿੰਗ ਭੀ ਹੈ, ਅੰਨਾ ਜੀ ਕੋ ਸਿਬਲ ਜੀ ਦੇਖ ਰਹੇ ਹੈਂ, ਤੁਕ ਯੇ ਚਸ਼ਮਾ ਮੋਨਟੇਕ ਜੀ ਕੇ ਪਾਸ ਛੋੜ ਦੋ, ਜਬ ਵਕਤ ਮਿਲੇਗਾ ਮੈਂ ਦੇਖ ਲੁੰਗਾ, ਵੈਸੇ ਭੀ ਮੇਰੇ ਪਾਸ ਮੇਰੀ ਆਪਣੀ ਐਨਕ ਹੈ, ਯੇਹ ਵਾਲੀ ਜੋ ਮੈਂ ਅਮਰੀਕਾ ਸੇ ਬਣਵਾ ਕਰ ਲਾਇਆ ਥਾ, ਯੇ ਬਹੁਤ ਠੀਕ ਹੈ, ਮੈਂ ਇਸੀ ਕੋ ਇਸਤੇਮਾਲ ਕਰਨਾ ਚਾਹਤਾ ਹੂੰ, ਕਹਿਤੇ ਹੈ ਨਾ ਐਨਕ ਅਪਣੀ ਆਪਣੀ। ਮੈਂ ਤੋਂ ਕਿਸੇ ਦੂਸਰੇ ਕੀ ਨਜ਼ਰ ਸੇ ਨਹੀਂ ਦੇਖਤਾ ਹੈ। ਸਾਰਾ ਹਿੰਦੁਸਤਾਨ ਮੁਝੇ ਇਸੀ ਤਰ੍ਹ ਦੇਖਤਾ ਹੈ। ਇਸ ਚਸ਼ਮੇਂ ਮੇਂ ਇੰਡੀਆ ਬਹੁਤ ਸਾਫ਼ ਦਿਖਾਈ ਦੇਤਾ ਹੈ ਭਾਰਤ ਕੋ ਦੇਖਣੇ ਕੇ ਲਿਏ ਮੇਰੇ ਪਾਸ ਅਭੀ ਟਾਈਮ ਨਹੀਂ ਹੈ। ਤੁਮ ਮੋਨਟੇਕ ਸਿੰਘ ਜੀ ਕੋ ਦੇ ਦੋ । ਵੋਹ ਦੇਖ ਲੇਂਗੇ ਐਨ ਮੁਝੇ ਇਸ ਕੀ ਰਿਪੋਟਿੰਗ ਕਰ ਦੇਂਗੇ।
ਮਾਇਆਵਤੀ ਕੋਲ ਆਪਣੇ ਰਾਜਨੀਤਕ ਗਾਡ-ਫਾਦਰ ਦਾ ਚਸ਼ਮਾ ਹੈ ਜੋ ਉਹ ਲੋੜ ਵੇਲੇ ਵਰਤ ਲੈਂਦੀ ਹੈ ਤੇ ਇਸ ਨਾਲ ਉਹ ਦਲਿਤਾਂ ਨੂੰ ਕੀਲ ਕੇ ਰੱਖ ਰਹੀ ਹੈ। ਉਸ ਕੋਲ ਗਾਂਧੀ ਬਾਰੇ ਜਾਣਨ ਦੀ ਵੀ ਵਿਹਲ ਨਹੀਂ। ਬਾਬਾ ਰਾਮਦੇਵ ਨੇ ਗਾਂਧੀ ਜੀ ਦੀ ਐਨਕ ਚੋਂ ਦੁਨੀਆ ਦੇਖਣੀ ਚਾਹੀ ਪਰ ਉਸ ਨੂੰ ਰਾਸ ਨਹੀਂ ਆਈ। ਹੁਣ ਉਹ ਵੀ ਆਪਣੀ ਸੈਨਾ ਬਣਾਉਣ ਵੱਲ ਧਿਆਨ ਦੇਣਾ ਬੇਹਤਰ ਸਮਝਣਗੇ। ਆਖਰ ਏਡੀ ਵੱਡੀ ਸਲਤਨਤ ਖੜੀ ਕਰ ਰੱਖੀ ਹੈ ਉਸ ਨੂੰ ਵੀ ਸੰਭਾਲਣਾ ਹੈ। ਹੁਣ ਸਿਰਫ਼ ਇਸੇ ਗੱਲ ਦੀ ਚਿੰਤਾ ਹੋ ਰਹੀ ਹੈ ਕਿ ਗਾਂਧੀ ਜੀ ਦੀ ਇਹ ਐਨਕ ਭਾਰਤ ਚੋਂ ਨਿਕਲ ਕੇ ਵਿਦੇਸ਼ਾਂ ਵਿੱਚ ਨਾ ਪਹੁੰਚ ਜਾਵੇ, ਅਮਰੀਕਾ ਨੂੰ ਇਸ ਦੀ ਬਹੁਤ ਸਖ਼ਤ ਜ਼ਰੁਰਤ ਹੈ। ਉਸ ਨੇ ਗਾਂਧੀਵਾਦੀ ਤਰੀਕੇ ਨਾਲ ਪੂਰਾ ਮੱਧ ਏਸ਼ੀਆ ਹਿਲਾ ਕੇ ਰੱਖ ਦਿਤਾ, ਉਹ ਵੀ ..... ਬਿਨਾਂ ਖੜਕ ਬਿਨਾਂ ਢਾਲ.. ਪੂਰੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਕੇ ਉਸ ਨੇ ਮਿਸਰ, ਯਮਨ, ਟੂਨੀਸ਼ੀਆ, ਲੀਬੀਆ, ਸਾਊਦੀ ਅਰਬ, ਗੱਲ ਕੀ ਸਾਰੇ ਪੁਰਾਣੇ ਹਾਕਮ ਹਿਲਾ ਕੇ ਰੱਖ ਦਿਤੇ। ਜਨਤਾ ਨੂੰ ਫੜਾ ਕੇ ਗਾਂਧੀ ਜੀ ਦੀ ਐਨਕ ਉਹ ਉਹਨਾਂ ਦੇਸ਼ਾਂ ਦੇ ਤੇਲ ਖੂਹਾਂ ਦੀ ਦੌਲਤ ਉਪਰ ਕਬਜ਼ਾ ਕਰਨਾ ਚਾਹ ਰਹੇ ਹਨ। ਇਸੇ ਵਾਸਤੇ ਉਸ ਨੇ ਅਫਗਾਨਿਸਤਾਨ ਤੇ ਈਰਾਕ ਉਪਰ ਲੱਖਾਂ ਟਨ ਬਾਰੂਦ ਫੂਕਿਆ। ਅਸਲ ਲੜਾਈ ਦਾ ਮੁੱਦਾ ਤਾਂ ਇਹੋ ਹੈ, ਹੋਰ ਚਾਹੇ ਕੋਈ ਕੁਝ ਵੀ ਕੇ। ਗਾਂਧੀ ਦੀ ਐਨਕ ਉਹਨਾਂ ਲਈ ਬੜੇ ਕੰਮ ਦੀ ਚੀਜ਼ ਹੈ। ਤੇ ਜੇ ਇਹ ਕਿਸੇ ਦੇਸੀ ਬੰਦੇ ਦਾ ਕੰਮ ਹੈ ਤਾਂ ਖਾਤਰ ਜਮ੍ਹਾ ਰੱਖੋ, ਭਾਰਤ ਵਿੱਚ ਇਸ ਦੀ ਲੋੜ ਸਿਰਫ਼ ਉਸ ਆਸ਼ਰਮ ਨੂੰ ਹੀ ਹੈ ਜਿੱਥੋਂ ਇਹ ਚੋਰੀ ਹੋਈ ਹੈ।